ਕਾਲਜ ਰਿਪੋਰਟ 2023
ਅੱਠ ਗੁਰੂ ਸਾਹਿਬਾਨ ਦੀ ਚਰਨ–ਛੋਹ ਪ੍ਰਾਪਤ ਖਡੂਰ ਸਾਹਿਬ ਦੀ ਮੁਕਦੱਸ ਧਰਤੀ ਤੇ ਸੁਸ਼ੋਭਿਤ ਸ੍ਰੀ ਗੁਰੂ ਅੰਗਦ ਦੇਵ ਕਾਲਜ ਆਫ਼ ਐਜੂਕੇਸ਼ਨ ਦੀ ਸਥਾਪਨਾ ਵਰ੍ਹਾ 2005 ਵਿੱਚ ਕੀਤੀ ਗਈ। ਸ੍ਰੀ ਗੁਰੂ ਅੰਗਦ ਦੇਵ ਜੀ ਦੇ 500 ਸਾਲਾ ਪ੍ਰਕਾਸ਼ ਗੁਰਪੁਰਬ ਸ਼ਤਾਬਦੀ (18 ਅਪ੍ਰੈਲ, 2004) ਨੂੰ ਸਮਰਪਿਤ ਇਸ ਸੰਸਥਾ ਦੀ ਸਥਾਪਨਾ ਬਾਬਾ ਸੇਵਾ ਸਿੰਘ ਜੀ, ਡੇਰਾ ਕਾਰ ਸੇਵਾ ਖਡੂਰ ਸਾਹਿਬ ਦੀ ਰੂਹਾਨੀ ਸਰਪ੍ਰਸਤੀ ਅਤੇ ਅਗਵਾਈ ਅਧੀਨ ਕੀਤੀ ਗਈ। ਇਸਦਾ ਮਨੋਰਥ ਸਮਾਜ ਨੂੰ ਸੂਝਵਾਨ ਅਤੇ ਮਾਰਗ ਦਰਸ਼ਕ ਦੇ ਰੂਪ ਵਿੱਚ ਉੱਚ–ਆਦਰਸ਼ਕ ਅਧਿਆਪਕ ਦੇਣ ਦਾ ਹੈ। ਅਧਿਆਪਕ ਕੌਮ ਦਾ ਸਰਮਾਇਆ ਹੁੰਦੇ ਹਨ ਤੇ ਅਧਿਆਪਕ ਨੂੰ ਗੁਰੂ ਦੇ ਸਮਾਨ ਦਰਜਾ ਦਿੱਤਾ ਗਿਆ ਹੈ। ਇਸ ਪੱਖ ਨੂੰ ਮੁੱਖ ਰੱਖਦਿਆਂ ਹੋਏ ਸੰਸਥਾ ਵਿੱਚ ਵਿੱਦਿਆ ਗ੍ਰਹਿਣ ਕਰ ਰਹੇ ਭਾਵੀ ਅਧਿਆਪਕਾਂ ਨੂੰ ਤਕਨੀਕੀ ਤੇ ਦੁਨਿਆਵੀ ਸਿੱਖਿਆ ਦੇ ਨਾਲ–ਨਾਲ ਅਧਿਆਤਮਕ ਕਦਰਾਂ–ਕੀਮਤਾਂ ਤੇ ਵਿਰਸੇ ਨਾਲ ਜੋੜਨ ਦੇ ਉਪਰਾਲੇ ਵੀ ਕੀਤੇ ਜਾਂਦੇ ਹਨ। ਇਹਨਾਂ ਆਸ਼ਿਆਂ ਦੀ ਪੂਰਤੀ ਲਈ ਸੰਸਥਾ ਵਿੱਚ ਚੱਲ ਰਹੇ ਅਧਿਆਪਕ ਸਿਖਲਾਈ ਕੋਰਸਾਂ ਬੀ.ਐੱਡ ਅਤੇ ਡੀ.ਐੱਲ.ਐੱਡ.(ਈ.ਟੀ.ਟੀ.) ਅਧੀਨ ਵਿਦਿਆਰਥੀਆਂ ਦੀ ਸਖ਼ਸ਼ੀਅਤ ਉਸਾਰੀ ਹੇਤੂ ਵਧੀਆ ਅਤੇ ਪ੍ਰਭਾਵੀ ਮੌਕੇ ਪ੍ਰਦਾਨ ਕੀਤੇ ਜਾਂਦੇ ਹਨ, ਜਿਨ੍ਹਾਂ ਸਦਕਾ ਇਹ ਸੰਸਥਾ ਯੂਨੀਵਰਸਿਟੀ ਅਤੇ ਰਾਜ ਪੱਧਰ ਤੇ ਨਿਵੇਕਲਾ ਸਥਾਨ ਸਥਾਪਿਤ ਕਰਨ ਲਈ ਸਦੀਵ ਯਤਨਸ਼ੀਲ ਹੈ।
ਵਿੱਦਿਅਕ ਪ੍ਰਾਪਤੀਆਂ
ਸੰਸਥਾ ਨੇ ਵਿੱਦਿਅਕ ਖੇਤਰ ਵਿੱਚ ਵਰ੍ਹੇ 2023 ਦੌਰਾਨ ਸ਼ਾਨਦਾਰ ਪ੍ਰਾਪਤੀਆਂ ਹਾਸਿਲ ਕੀਤੀਆਂ। ਬੀ.ਐੱਡ. (ਸੈਸ਼ਨ 2021-23) ਦੀ ਵਿਦਿਆਰਥਣ ਸੋਨੀਆ ਅਰੋੜਾ ਨੇ 81.94% ਅੰਕਾਂ ਨਾਲ ਗੁਰੂ ਨਾਨਕ ਦੇਵ ਯੂਨੀਵਰਸਿਟੀ, ਅੰਮ੍ਰਿਤਸਰ ਵੱਲੋਂ ਲਈ ਗਈ ਸਾਲਾਨਾ ਪ੍ਰੀਖਿਆ ਵਿੱਚ ਮੈਰਿਟ ਸੂਚੀ ਵਿੱਚ 28ਵਾਂ ਸਥਾਨ ਹਾਸਿਲ ਕਰ ਸੰਸਥਾ ਦਾ ਮਾਣ ਵਧਾਇਆ। ਇਸ ਸੈਸ਼ਨ ਦੇ 13 ਵਿਦਿਆਰਥੀਆਂ ਵੱਲੋਂ ਡਿਸਟਿੰਕਸ਼ਨ ਅਤੇ ਤਰਨ ਤਾਰਨ ਜ਼ਿਲ੍ਹੇ ਵਿੱਚ ਪਹਿਲੀਆ ਚਾਰ ਪੁਜੀਸ਼ਨਾਂ ਪ੍ਰਾਪਤ ਕੀਤੀਆਂ ਗਈਆਂ।
ਡੀ.ਐੱਲ.ਐੱਡ. ਕੋਰਸ (ਸੈਸ਼ਨ 2020-22) ਦੀ ਐੱਸ.ਸੀ.ਈ.ਆਰ.ਟੀ., ਪੰਜਾਬ ਵੱਲੋਂ ਲਈ ਗਈ ਸਾਲਾਨਾ ਪ੍ਰੀਖਿਆ ਵਿੱਚ ਕਾਲਜ ਦੇ ਵਿਦਿਆਰਥੀ ਜਸਬੀਰ ਸਿੰਘ ਵੱਲੋਂ 82.31% ਅੰਕਾਂ ਨਾਲ ਸੰਸਥਾ ਅਤੇ ਤਰਨ ਤਾਰਨ ਜ਼ਿਲ੍ਹੇ ਵਿਚੋਂ ਪਹਿਲਾ ਸਥਾਨ ਹਾਸਿਲ ਕੀਤਾ ਗਿਆ। ਇਸ ਪ੍ਰੀਖਿਆ ਵਿੱਚ ਸੰਸਥਾ ਦੇ 12 ਵਿਦਿਆਰਥੀਆਂ ਵੱਲੋਂ ਡਿਸਟਿੰਕਸ਼ਨ ਅਤੇ ਤਰਨ ਤਾਰਨ ਜ਼ਿਲ੍ਹੇ ਵਿੱਚੋਂ ਪਹਿਲੇ ਛੇ ਸਥਾਨ ਪ੍ਰਾਪਤ ਕੀਤੇ ਗਏ।
ਸੰਸਥਾ ਦੀਆਂ ਪੰਜ ਵਿਦਿਆਰਥਣਾਂ ਸੁਖਮਨਪ੍ਰੀਤ ਕੌਰ, ਦਵਿੰਦਰ ਕੌਰ, ਸਿਮਰਪ੍ਰੀਤ ਕੌਰ, ਕੋਮਲਪ੍ਰੀਤ ਕੌਰ ਅਤੇ ਨੇਹਾ ਨੇ ਯੂ.ਐੱਸ.ਏ. ਦੀ ਨਾਮਵਰ ਐੱਨ.ਜੀ.ਓ. ਨਿਸ਼ਕਾਮ ਸਿੱਖ ਵੈਲਫੇਅਰ ਕੌਂਸਲ ਅਤੇ ਸਿੱਖ ਹਿਊਮਨ ਡਿਵੈਲਪਮੈਂਟ ਕੌਂਸਲ ਵੱਲੋਂ ਨਿਰਧਾਰਿਤ ਲਿਖਤੀ ਪ੍ਰੀਖਿਆ ਅਤੇ ਇੰਟਰਵਿਊ ਪਾਸ ਕਰਕੇ ਕ੍ਰਮਵਾਰ 35000/-, 20000/-, 26000/-, 26000/- ਅਤੇ 20000/- ਸਾਲਾਨਾ SHDF ਸਕਾਲਰਸ਼ਿਪ ਪ੍ਰਾਪਤ ਕੀਤੀ।
ਸਹਿਪਾਠ ਗਤੀਵਿਧੀਆਂ
ਵਿੱਦਿਆ ਦੇ ਨਾਲ–ਨਾਲ ਨੈਤਿਕ ਕਦਰਾਂ–ਕੀਮਤਾਂ, ਗੁਣਾਂ ਅਤੇ ਕੌਸ਼ਲਾਂ ਦੇ ਵਿਕਾਸ ਲਈ ਸੰਸਥਾ ਵਿਖੇ ਸਮੇਂ–ਸਮੇਂ ਤੇ ਕਈ ਸਹਿਪਾਠ ਗਤੀਵਿਧੀਆਂ ਜਿਵੇਂ ਸੈਮੀਨਾਰ, ਵਰਕਸ਼ਾਪਾਂ, ਪ੍ਰਤੀਯੋਗਤਾਵਾਂ ਆਯੋਜਿਤ ਕੀਤੀਆਂ ਗਈਆਂ ਅਤੇ ਆਪਣੀ ਗੌਰਵਮਈ ਹਿੱਸੇਦਾਰੀ ਸੁਨਿਸ਼ਚਿਤ ਕੀਤੀ ਗਈ।
⮚ ਸ੍ਰੀ ਗੁਰੂ ਅੰਗਦ ਦੇਵ ਕਾਲਜ, ਖਡੂਰ ਸਾਹਿਬ ਦੇ ਸਹਿਯੋਗ ਨਾਲ ਆਯੋਜਿਤ ‘Rejuvenating Teachers & Teaching Strategies’ ਵਿਸ਼ੇ ਤੇ ਦੋ ਰੋਜ਼ਾ ਵਰਕਸ਼ਾਪ, ਜਿਸ ਵਿੱਚ ਡਾ. ਦਵਿੰਦਰ ਸਿੰਘ (ਮਨੋ–ਵਿਗਿਆਨ ਵਿਭਾਗ, ਗੁਰੂ ਨਾਨਕ ਦੇਵ ਯੂਨੀਵਰਸਿਟੀ, ਅੰਮ੍ਰਿਤਸਰ), ਡਾ. ਅਮਿਤ ਕੌਟਸ (ਮੁਖੀ, ਐਜੂਕੇਸ਼ਨ ਵਿਭਾਗ, ਗੁਰੂ ਨਾਨਕ ਦੇਵ ਯੂਨੀਵਰਸਿਟੀ, ਅੰਮ੍ਰਿਤਸਰ), ਡਾ. ਹਰਪ੍ਰੀਤ ਕੌਰ (ਪ੍ਰਿੰਸੀਪਲ, ਖ਼ਾਲਸਾ ਕਾਲਜ ਆਫ਼ ਐਜੂਕੇਸ਼ਨ, ਅੰਮ੍ਰਿਤਸਰ), ਡਾ. ਰਾਜ ਕੁਮਾਰ ਹੰਸ (ਐੱਮ. ਐੱਸ. ਯੂਨੀਵਰਸਿਟੀ, ਬੜੌਦਾ), ਪ੍ਰੋ. ਤੀਰਥ ਸਿੰਘ (ਕੰਪਿਊਟਰ ਵਿਭਾਗ, ਗੁਰੂ ਨਾਨਕ ਦੇਵ ਯੂਨੀਵਰਸਿਟੀ, ਅੰਮ੍ਰਿਤਸਰ) ਅਤੇ ਡਾ. ਸੁਰਜੀਤ ਸਿੰਘ (ਪੰਜਾਬੀ ਵਿਭਾਗ, ਪੰਜਾਬੀ ਯੂਨੀਵਰਸਿਟੀ, ਪਟਿਆਲਾ) ਨੇ ਮਾਹਿਰ ਵਕਤਾਵਾਂ ਵਜੋਂ ਸ਼ਿਰਕਤ ਕੀਤੀ।
⮚ Indian Science Congress Association, Patiala Chapter ਅਤੇ ਡਾ. ਪਰਮਵੀਰ ਸਿੰਘ ਜੀ ਦੇ ਸਹਿਯੋਗ ਸਦਕਾ ‘Enhancing Scientific Temperament in Teachers’ ਵਿਸ਼ੇ ਉੱਤੇ ਵਰਕਸ਼ਾਪ, ਜਿਸ ਵਿੱਚ ਡਾ. ਅਮਨਦੀਪ ਸਿੰਘ (ਜੀਵ ਵਿਗਿਆਨ ਵਿਭਾਗ, ਖ਼ਾਲਸਾ ਕਾਲਜ, ਅੰਮ੍ਰਿਤਸਰ), ਕਰਨਲ ਪ੍ਰਹਿਲਾਧ ਸਿੰਘ ਅਤੇ ਕਰਨਲ ਡਾ. ਜੇ.ਐੱਸ. ਵਿਰਕ ਨੇ ਆਪਣੇ ਵਿਚਾਰ ਮਾਹਿਰ ਵਕਤਾਵਾਂ ਦੇ ਰੂਪ ਵਿੱਚ ਸਾਂਝੇ ਕੀਤੇ।
⮚ The Institute for Development & Communication, Chandigarh ਅਤੇ ਡਾ. ਕੁਲਦੀਪ ਸਿੰਘ ਜੀ (ਸਿੱਖਿਆ ਵਿਭਾਗ, ਪੰਜਾਬੀ ਯੂਨੀਵਰਸਿਟੀ, ਪਟਿਆਲਾ) ਦੇ ਸਹਿਯੋਗ ਨਾਲ ਆਯੋਜਿਤ ‘Status of Education in difficult areas (Border, Kandi & Educationally backward areas of Punjab) ਵਿਸ਼ੇ ਤੇ ਇੱਕ ਰੋਜ਼ਾ ਵਰਕਸ਼ਾਪ, ਜਿਸ ਵਿੱਚ ਪ੍ਰੋ. ਸਚਿਦਾਨੰਦ ਸਿਨਹਾ (ਸੈਂਟਰ ਫਾਰ ਸਟੱਡੀ ਆਫ਼ ਰਿਜਨਲ ਡਿਵੈੱਲਪਮੈਂਟ, ਜਵਾਹਰ ਲਾਲ ਨਹਿਰੂ ਯੂਨੀਵਰਸਿਟੀ, ਨਵੀਂ ਦਿੱਲੀ) ਅਤੇ ਡਾ. ਦਵਿੰਦਰ ਕੌਰ (ਰਾਜਨੀਤੀ ਵਿਭਾਗ, ਖ਼ਾਲਸਾ ਕਾਲਜ, ਅੰਮ੍ਰਿਤਸਰ) ਨੇ ਮਾਹਿਰ ਵਕਤਾਵਾਂ ਦੇ ਤੌਰ ਤੇ ਉਚੇਚੇ ਤੌਰ ਤੇ ਸ਼ਮੂਲੀਅਤ ਕੀਤੀ।
⮚ ਸੰਸਥਾ ਦੇ ਵਿਦਿਆਰਥੀਆਂ ਦੀ ਗੁਰਮੁੱਖੀ ਲਿਪੀ ਦੀ ਲਿਖਾਵਟ ਸੁਧਾਰਨ ਦੇ ਉਦੇਸ਼ ਨਾਲ ‘ਸੁੰਦਰ ਲਿਖਾਈ : ਅਧਿਆਪਕ ਦੀ ਸਖ਼ਸ਼ੀਅਤ ਦਾ ਨਿਖਾਰ’ ਵਿਸ਼ੇ ਉੱਤੇ ਵਰਕਸ਼ਾਪ ਲਗਾਈ ਗਈ, ਜਿਸ ਵਿੱਚ ਸ. ਹਰਵਿੰਦਰ ਸਿੰਘ ਨੇ ਸੁੰਦਰ ਲਿਖਾਈ ਅਤੇ ਕੈਲੀਗਰਾਫ਼ੀ ਦੇ ਵਿਸ਼ਾ ਮਾਹਿਰ ਵਜੋਂ ਸ਼ਿਰਕਤ ਕੀਤੀ।
⮚ ਪੰਥ ਪ੍ਰਸਿੱਧ ਵਿਦਵਾਨ ਗਿਆਨੀ ਸਾਹਿਬ ਸਿੰਘ ਜੀ ਸ਼ਾਹਬਾਦ ਮਾਰਕੰਡੇ ਵਾਲਿਆਂ ਵੱਲੋਂ ਪਹਿਲੀ ਪਾਤਸ਼ਾਹੀ ਦੁਆਰਾ ਰਚਿਤ ਅਦੁੱਤੀ ਬਾਣੀ “ਜਪੁਜੀ ਸਾਹਿਬ ਦੀ ਸੰਥਿਆ” ਤੇ ਅਧਾਰਿਤ 9 ਦਿਨਾਂ ਗੁਰਮਤਿ ਕੈਂਪ ਆਯੋਜਿਤ ਕੀਤਾ ਗਿਆ। ਜਿਸ ਅਧੀਨ ਗੁਰਬਾਣੀ ਦੇ ਸਹੀ ਅਰਥਾਂ ਅਤੇ ਉਚਾਰਣ ਲਈ ਵਿਆਕਰਣਕ ਨਿਯਮਾਂ ਦਾ ਵਖਿਆਨ ਕੀਤਾ ਗਿਆ।
⮚ ਸੰਸਥਾ ਵੱਲੋਂ ਪੁਰਾਣੇ ਵਿਦਿਆਰਥੀਆਂ ਨਾਲ ਮਿਲਣੀ ਨੂੰ ਸਮਰਪਿਤ ‘ਯਾਦਾਂ ਦੀ ਸਾਂਝ – 2023’ ਪ੍ਰੋਗਰਾਮ ਵੱਡੇ ਪੱਧਰ ਤੇ ਆਯੋਜਿਤ ਕੀਤਾ ਗਿਆ। ਜਿਸ ਵਿੱਚ ਸੰਸਥਾ ਤੋਂ ਬੀ.ਐੱਡ. ਅਤੇ ਡੀ.ਐੱਲ.ਐੱਡ. ਕੋਰਸ ਪੂਰਾ ਕਰ ਚੁੱਕੇ ਵੱਖ–ਵੱਖ ਸਕੂਲਾਂ ਅਤੇ ਕਾਲਜਾਂ ਵਿੱਚ ਬਤੌਰ ਪ੍ਰਿੰਸੀਪਲ ਜਾਂ ਅਧਿਆਪਕ ਵਜੋਂ ਸੇਵਾ ਨਿਭਾ ਰਹੇ ਪੁਰਾਣੇ ਵਿਦਿਆਰਥੀਆਂ ਨੂੰ ਸਨਮਾਨਿਤ ਵੀ ਕੀਤਾ ਗਿਆ।
⮚ ਸੰਸਥਾ ਦੇ ਸੈਸ਼ਨ 2017 ਤੋਂ 2022 ਤੱਕ ਬੀ.ਐੱਡ. ਅਤੇ ਡੀ.ਐੱਲ.ਐੱਡ. ਦਾ ਕੋਰਸ ਪੂਰਾ ਕਰ ਚੁੱਕੇ ਵਿਦਿਆਰਥੀਆਂ ਲਈ “ਡਿਗਰੀ ਵੰਡ ਸਮਾਰੋਹ – 2023” ਦਾ ਆਯੋਜਨ ਕੀਤਾ ਗਿਆ, ਜਿਸ ਵਿੱਚ ਮਾਨਯੋਗ ਡਾ. ਅਰਵਿੰਦ, ਉਪ–ਕੁਲਪਤੀ, ਪੰਜਾਬੀ ਯੂਨੀਵਰਸਿਟੀ, ਪਟਿਆਲਾ ਵੱਲੋਂ ਮੁੱਖ–ਮਹਿਮਾਨ ਦੇ ਤੌਰ ਤੇ ਸ਼ਿਰਕਤ ਕੀਤੀ ਗਈ। ਇਸ ਸਮਾਗਮ ਦੌਰਾਨ ਸੰਸਥਾ ਦੇ ਤਕਰੀਬਨ 221 ਵਿਦਿਆਰਥੀਆਂ ਨੂੰ ਡਿਗਰੀਆਂ/ਸਰਟੀਫ਼ਿਕੇਟ ਪ੍ਰਦਾਨ ਕੀਤੇ ਗਏ। ਇਸ “ਡਿਗਰੀ ਵੰਡ ਸਮਾਰੋਹ” ਮੌਕੇ ਸਮੂਹ ਹਾਜ਼ਰ ਵਿਸ਼ੇਸ਼ ਸਖ਼ਸ਼ੀਅਤਾਂ, ਸਟਾਫ਼ ਅਤੇ ਵਿਦਿਆਰਥੀਆਂ ਦੁਆਰਾ ਪ੍ਰਚਲਿਤ ਕਾਲੇ ਗਾਊਨ ਦਾ ਤਿਆਗ ਕਰਦਿਆਂ ਰਵਾਇਤੀ ਸ਼ਾਲ ਨੂੰ ਪਹਿਨ ਕੇ ਨਿਵੇਕਲੀ ਅਤੇ ਸ਼ਲਾਘਾਯੋਗ ਪਹਿਲ ਕੀਤੀ। ਇਸ ਮੌਕੇ ਕਾਲਜ ਦੇ ਸਰਕਾਰੀ ਨੌਕਰੀ ਪ੍ਰਾਪਤ ਕਰ ਚੁੱਕੇ ਅਤੇ PSTET / CTET ਪਾਸ ਵਿਦਿਆਰਥੀਆਂ ਨੂੰ ਵੀ ਸਨਮਾਨਿਤ ਕੀਤਾ ਗਿਆ।
⮚ ਸੰਸਥਾ ਵਿਖੇ ਵਿਦਿਆਰਥੀਆਂ ਦੀ ਸਰਵਪੱਖੀ ਸਖ਼ਸ਼ੀਅਤ ਉਸਾਰੀ ਲਈ ਸਾਲਾਨਾ ਖੇਡ ਮੇਲਾ, ਪੁਸਤਕ ਪ੍ਰਦਰਸ਼ਨੀ, ਰਾਸ਼ਟਰੀ ਅਤੇ ਅੰਤਰ–ਰਾਸ਼ਟਰੀ ਦਿਵਸ ਅਤੇ ਵਿੱਦਿਅਕ ਫੇਰੀਆਂ ਆਯੋਜਿਤ ਕਰਕੇ ਵਿਦਿਆਰਥੀਆਂ ਦੀ ਸ਼ਮੂਲੀਅਤ ਯਕੀਨੀ ਬਣਾਈ ਗਈ।
ਵਾਤਾਵਰਣ ਸੰਭਾਲ ਮੁਹਿੰਮ ਵਿੱਚ ਯੋਗਦਾਨ
ਬਾਬਾ ਸੇਵਾ ਸਿੰਘ ਜੀ, ਡੇਰਾ ਕਾਰ ਸੇਵਾ ਖਡੂਰ ਸਾਹਿਬ ਦੇ ਉੱਦਮ ਅਤੇ ਯਤਨਾਂ ਸਦਕਾ ਪੰਜਾਬ ਹੀ ਨਹੀਂ ਬਲਕਿ ਭਾਰਤ ਦੇ ਅਨੇਕਾਂ ਰਾਜਾਂ ਵਿੱਚ ਸੰਗਤ ਦੇ ਸਹਿਯੋਗ ਸਦਕਾ ਅਨੇਕਾਂ ਹੀ ਵਾਤਾਵਰਣ ਸੰਭਾਲ ਸੰਬੰਧੀ ਪ੍ਰੋਜੈਕਟ ਚੱਲ ਰਹੇ ਹਨ। ਉਹਨਾਂ ਦੀ ਪ੍ਰੇਰਨਾ ਸਦਕਾ ਹੀ ਇਸ ਸੰਸਥਾ ਦੇ ਅਧਿਆਪਕ ਅਤੇ ਵਿਦਿਆਰਥੀ ਵਾਤਾਵਰਣ ਸੰਭਾਲ ਪ੍ਰਤੀ ਸੰਵੇਦਨਸ਼ੀਲ ਹਨ। ਡੇਰਾ ਕਾਰ ਸੇਵਾ, ਖਡੂਰ ਸਾਹਿਬ ਦੇ ਸਹਿਯੋਗ ਨਾਲ ਸੰਸਥਾ ਵਿੱਚ ਸਮੇਂ–ਸਮੇਂ ਤੇ ਵਾਤਾਵਰਣ ਸੰਭਾਲ ਸੰਬੰਧੀ ਸਮਾਜ ਵਿੱਚ ਚੇਤਨਾ ਪੈਦਾ ਕਰਨ ਅਤੇ ਪ੍ਰਤੱਖ ਰੂਪ ਵਿੱਚ ਅਮਲ ਵਿੱਚ ਲਿਆਉਣ ਲਈ ਕਈ ਉਪਰਾਲੇ ਕੀਤੇ ਜਾਂਦੇ ਹਨ। ਇਹਨਾਂ ਹੀ ਉਪਰਾਲਿਆਂ ਅਧੀਨ ਸੰਸਥਾ ਵਿੱਚ ਵਾਤਾਵਰਣ ਨਾਲ ਸੰਬੰਧਿਤ ਪ੍ਰਮੁੱਖ ਦਿਹਾੜੇ : ਵਿਸ਼ਵ ਧਰਤੀ ਦਿਵਸ, ਵਿਸ਼ਵ ਜਲ ਦਿਵਸ, ਵਿਸ਼ਵ ਵਾਤਾਵਰਣ ਦਿਵਸ ਅਤੇ ਸਿੱਖ ਵਾਤਾਵਰਣ ਦਿਵਸ ਨੂੰ ਸਮਰਪਿਤ ਗਤੀਵਿਧੀਆਂ ਆਯੋਜਿਤ ਕੀਤੀਆਂ ਗਈਆਂ। ਨਿਸ਼ਾਨ–ਏ–ਸਿੱਖੀ ਚੈਰੀਟੇਬਲ ਟਰੱਸਟ, ਖਡੂਰ ਸਾਹਿਬ ਅਤੇ ਕਾਰ ਸੇਵਾ, ਖਡੂਰ ਸਾਹਿਬ ਦੁਆਰਾ ਮਨਾਏ ‘ਵਿਸ਼ਵ ਧਰਤੀ ਦਿਵਸ’ ਦੇ ਮੌਕੇ ਕੱਢੇ “ਚੇਤਨਾ ਮਾਰਚ” ਵਿੱਚ ਸੰਸਥਾ ਦੇ ਅਧਿਆਪਕਾਂ ਅਤੇ ਵਿਦਿਆਰਥੀਆਂ ਨੇ ਵੱਧ–ਚੜ੍ਹ ਕੇ ਹਿੱਸਾ ਲਿਆ। ਇਸੇ ਲੜੀ ਦੇ ਅੰਤਰਗਤ ਵਿਦਿਆਰਥੀਆਂ ਨੇ ਟੀਚਿੰਗ ਪ੍ਰੈਕਟਿਸ ਸਕੂਲਾਂ ਵਿੱਚ ਤਨਦੇਹੀ ਨਾਲ ਆਪ ਬੂਟੇ ਲਗਾ ਕੇ ਸਕੂਲ ਦੇ ਵਿਦਿਆਰਥੀਆਂ ਨੂੰ ਵੀ ਬੂਟੇ ਲਗਾਉਣ ਲਈ ਪ੍ਰੇਰਿਤ ਕੀਤਾ।
ਵਿਸ਼ੇਸ਼ ਪ੍ਰਾਪਤੀਆਂ
ਇਹ ਸੰਸਥਾ ਜਿੱਥੇ ਮਿਆਰੀ ਅਧਿਆਪਕਾਂ ਦੇ ਨਿਰਮਾਣ ਵਿੱਚ ਨਿਰੰਤਰ ਯਤਨਸ਼ੀਲ ਹੈ, ਉਥੇ ਇਹ ਇਹਨਾਂ ਗੁਣੀ ਅਧਿਆਪਕਾਂ ਦੀ ਪੰਜਾਬ ਦੇ ਸਰਕਾਰੀ ਵਿੱਦਿਅਕ ਸੰਸਥਾਵਾਂ ਅਤੇ ਨਾਮਵਰ ਪ੍ਰਾਈਵੇਟ ਸੰਸਥਾਵਾਂ ਵਿੱਚ ਨਿਯੁਕਤੀ ਲਈ ਵੀ ਵਚਨਬੱਧ ਹੈ। ਬੀ.ਐੱਡ. ਅਤੇ ਡੀ.ਐੱਲ.ਐੱਡ. ਕੋਰਸਾਂ ਦੇ ਦੌਰਾਨ ਹੀ ਕਾਲਜ ਵਿੱਚ ਵਿਦਿਆਰਥੀਆਂ ਨੂੰ ਸਰਕਾਰੀ ਨੌਕਰੀ ਲਈ PSTET (Punjab State Teacher Eligibility Test) ਅਤੇ CTET (Central Teacher Eligibility Test) ਲਈ ਤਿਆਰ ਕੀਤਾ ਜਾਂਦਾ ਹੈ। ਸੰਸਥਾ ਦੇ ਅਧਿਆਪਕਾਂ ਅਤੇ ਵਿਦਿਆਰਥੀਆਂ ਦੀ ਮਿਹਨਤ ਸਦਕਾ ਵਰ੍ਹੇ 2023 ਵਿੱਚ ਸੰਸਥਾ ਦੇ 9 ਵਿਦਿਆਰਥੀਆਂ ਦੀ ਬਤੌਰ ਸਰਕਾਰੀ ਅਧਿਆਪਕ ਨਿਯੁਕਤੀ ਹੋਈ ਅਤੇ 12 ਵਿਦਿਆਰਥੀਆਂ ਨੇ PSTET / CTET ਦੀ ਪ੍ਰੀਖਿਆ ਪਾਸ ਕੀਤੀ।
ਵਰ੍ਹਾਂ 2023 ਦੌਰਾਨ ਇਹਨਾਂ ਸਾਰੇ ਯਤਨਾਂ ਤੋਂ ਮਿਲੇ ਅਨੁਭਵਾਂ ਤੋਂ ਸੇਧ ਲੈ ਕੇ ਸੰਸਥਾ ਦੇ ਸਟਾਫ਼ ਅਤੇ ਵਿਦਿਆਰਥੀਆਂ ਦੀ ਸਖ਼ਸ਼ੀਅਤ ਉਸਾਰੀ ਸੰਭਵ ਹੋ ਸਕੀ ਹੈ ਅਤੇ ਭਵਿੱਖ ਵਿੱਚ ਇਹਨਾਂ ਸਾਰੇ ਕਾਰਜਾਂ ਅਤੇ ਉਪਰਾਲਿਆਂ ਦੀ ਪੂਰਤੀ ਲਈ ਸਮਰਪਨ ਭਾਵ ਨਾਲ ਵੱਧ ਤੋਂ ਵੱਧ ਯਤਨ ਕੀਤੇ ਜਾਣਗੇ।
ਪ੍ਰਿੰਸੀਪਲ – (ਡਾ. ਸਿਮਰਪ੍ਰੀਤ ਕੌਰ)
(8427233133)


